ਪਟਿਆਲਾ: 18 ਫਰਵਰੀ, 2016
ਮੁਲਤਾਨੀ ਮੱਲ ਮੋਦੀ ਕਾਲਜ ਦੇ ਸਾਲਾਨਾ ਮੈਗਜ਼ੀਨ “ਦਿ ਲੂਮਿਨਰੀ“ ਨੂੰ ਰਿਲੀਜ਼ ਕਰਦਿਆਂ ਪੰਜਾਬੀ ਫ਼ਿਲਮਾਂ ਦੀ ਪ੍ਰਸਿੱਧ ਅਭਿਨੇਤਰੀ ਤੇ ਪੰਜਾਬੀ ਯੂਨੀਵਰਸਿਟੀ ਦੇ ਥੀਏਟਰ ਤੇ ਟੈਲੀਵੀਜ਼ਨ ਵਿਭਾਗ ਦੀ ਪ੍ਰੋਫੈਸਰ ਡਾ. ਸੁਨੀਤਾ ਧੀਰ ਨੇ ਕਿਹਾ ਕਿ ਵਿਦਿਅਕ ਸੰਸਥਾਵਾਂ ਦੇ ਮੈਗਜ਼ੀਨ ਨੌਜਵਾਨਾਂ ਅੰਦਰਲੀ ਪ੍ਰਤਿਭਾ ਨੂੰ ਨਿਖਾਰਨ ਅਤੇ ਉਨ੍ਹਾਂ ਦੀ ਸ਼ਖ਼ਸੀਅਤ ਵਿਚ ਆਤਮ ਵਿਸ਼ਵਾਸ ਪੈਦਾ ਕਰਨ ਵਿਚ ਸਹਾਈ ਹੁੰਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ 40 ਸਾਲ ਦੀ ਉਮਰ ਤੱਕ ਹਰ ਇਨਸਾਨ ਅੰਦਰ ਅਥਾਹ ਸਿਰਜਨਾਤਮਕ ਸੰਭਾਵਨਾਵਾਂ ਹੁੰਦੀਆਂ ਹਨ। ਲੋੜ ਹੈ ਇਸ ਸਮੇਂ ਦੌਰਾਨ ਨੌਜਵਾਨਾਂ ਨੂੰ ਅਜਿਹੇ ਮੰਚ ਮੁਹੱਈਆ ਕਰਵਾਏ ਜਾਣ ਦੀ ਜਿਥੇ ਉਹ ਆਪਣੀਆਂ ਇਨ੍ਹਾਂ ਸੰਭਾਵਨਾਵਾਂ ਨੂੰ ਸਮੱਰਥਾ ਵਿਚ ਤਬਦੀਲ ਕਰ ਸਕਣ। ਕਾਲਜ ਮੈਗ਼ਜ਼ੀਨ ਅਜਿਹਾ ਹੀ ਇਕ ਮੰਚ ਹੈ ਜਿਥੇ ਵਿਦਿਆਰਥੀਆਂ ਨੂੰ ਪੜ੍ਹਨ-ਲਿਖਣ ਦੇ ਅਵਸਰ ਪ੍ਰਾਪਤ ਹੁੰਦੇ ਹਨ। ਡਾ. ਸੁਨੀਤਾ ਧੀਰ ਨੇ ਆਪਣੇ ਜੀਵਨ ਵਿਚ ਫਿਲਮੀ ਕਲਾਕਾਰ ਵਜੋਂ ਸਥਾਪਤ ਹੋਣ ਦੇ ਰਾਹ ਵਿਚ ਕੀਤੇ ਸੰਘਰਸ਼ ਦੇ ਪਲਾਂ ਨੂੰ ਵੀ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਤੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਪ੍ਰਤਿਭਾ ਨੂੰ ਉਂਚੇ ਮੁਕਾਮ ਤੇ ਪਹੁੰਚਾਉਣ ਲਈ ਖੂਬ ਯੋਗ ਅਧਿਆਪਕਾਂ ਦੀ ਅਗਵਾਈ ਵਿਚ ਮਿਹਨਤ ਵੀ ਕਰਨ ਤੇ ਨਾਲ ਦੀ ਨਾਲ ਜੀਵਨ ਦੇ ਹਰ ਪਲ ਦਾ ਅਨੰਦ ਵੀ ਮਾਣਨ“।
ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਮੁੱਖ-ਮਹਿਮਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਕਾਲਜ ਮੈਗ਼ਜ਼ੀਨ ਕਾਲਜ ਦਾ ਇਤਿਹਾਸ ਹੁੰਦਾ ਹੈ। ਕਾਲਜ ਦੀਆਂ ਸਮੁੱਚੀਆਂ ਸਰਗਰਮੀਆਂ ਅਤੇ ਪ੍ਰਾਪਤੀਆਂ ਨੂੰ ਖ਼ੂਬਸੂਰਤ ਢੰਗ ਨਾਲ ਮੈਗ਼ਜੀਨ ਵਿਚ ਸਾਂਭਿਆ ਜਾਂਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੈਗ਼ਜ਼ੀਨ ਲਈ ਲਗਾਤਾਰ ਲਿਖਦੇ ਰਹਿਣ ਨਾਲ ਵਿਦਿਆਰਥੀਆਂ ਦੀ ਭਾਸ਼ਾਈ ਸਮਰੱਥਾ ਦੇ ਨਾਲ ਨਾਲ ਨਵੀਆਂ ਕਿਤਾਬਾਂ ਤੇ ਰਸਾਲੇ ਪੜ੍ਹਨ ਦਾ ਰੁਝਾਨ ਵੀ ਪੈਦਾ ਹੁੰਦਾ ਹੈ।
ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਡਾ. ਜਬਰਜੰਗ ਸਿੰਘ ਦੀ ਰਹਿਨੁਮਾਈ ਵਿਚ ਕੀਤੇ ਸਰਸਵਤੀ ਵੰਦਨਾ ਅਤੇ ਸ਼ਬਦ ਗਾਇਨ ਨਾਲ ਸਮਾਗਮ ਦਾ ਆਗ਼ਾਜ਼ ਹੋਇਆ।
ਪ੍ਰੋ. ਸ਼ੈਲਿੰਦਰਾ ਕੌਰ ਤੇ ਡਾ. ਗੁਰਦੀਪ ਸਿੰਘ ਨੇ ਕਾਲਜ ਮੈਗ਼ਜ਼ੀਨ “ਦਿ ਲੂਮਿਨਰੀ“ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਤੇ ਇਸ ਦੀ ਤਿਆਰੀ ਦੌਰਾਨ ਗ੍ਰਹਿਣ ਕੀਤੇ ਅਨੁਭਵ ਹਾਜ਼ਰੀਨ ਨਾਲ ਸਾਂਝੇ ਕੀਤੇ। ਮੈਗ਼ਜ਼ੀਨ ਦੀ ਵਿਦਿਆਰਥੀ ਸੰਪਾਦਕ ਦੀਪ ਪ੍ਰਿਆ ਨੇ ਵੀ ਮੈਗ਼ਜ਼ੀਨ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।
ਇਸ ਅਵਸਰ ਤੇ ਹੀ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਦੇ ਵਿਦਿਆਰਥੀਆਂ ਵੱਲੋਂ “ਬੇਟੀ ਬਚਾਓ – ਬੇਟੀ ਪੜ੍ਹਾਓ“ ਥੀਮ ਅਧਾਰਿਤ ਇਕ ਖੂਬਸੂਰਤ ਪੁਸ਼ਾਕ ਪ੍ਰਦਰਸ਼ਨੀ – “ਕ੍ਰੀਏਸ਼ਨ – 2016“ ਦਾ ਆਯੋਜਨ ਕੀਤਾ ਗਿਆ। ਪ੍ਰੋ. ਵੀਨੂ ਜੈਨ ਦੀ ਅਗਵਾਈ ਵਿਚ ਵਿਦਿਆਰਥੀਆਂ ਵੱਲੋਂ ਤਿਆਰ ਕੀਤੀਆਂ ਪੁਸ਼ਾਕਾਂ ਦੀ ਪ੍ਰਸੰਸਾ ਕਰਦਿਆਂ ਡਾ. ਸੁਨੀਤਾ ਧੀਰ ਨੇ ਕਿਹਾ ਕਿ ਪਿੰਡਾਂ ਦੀਆਂ ਲੜਕੀਆਂ ਵਿਚ ਹੁਨਰ ਸਿੱਖਣ ਦੀਆਂ ਅਥਾਹ ਸੰਭਾਵਨਾਵਾਂ ਹਨ। ਫੈਸ਼ਨ ਡਿਜ਼ਾਈਨਿੰਗ ਦੇ ਕੋਰਸ ਜਿਥੇ ਉਨ੍ਹਾਂ ਨੂੰ ਆਰਥਕ ਸੁਤੰਤਰਤਾ ਪ੍ਰਦਾਨ ਕਰਦੇ ਹਨ ਉਥੇ ਸਮਾਜ ਵਿਚ ਉਨ੍ਹਾਂ ਦਾ ਮਾਣ ਸਨਮਾਨ ਵੀ ਵਧਾਉਂਦੇ ਹਨ। ਡਾ. ਧੀਰ ਨੇ ਵੱਖ-ਵੱਖ ਮੁਕਾਬਲਿਆਂ ਵਿਚ ਪੁਜ਼ੀਸ਼ਨਾਂ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਇਨਾਮ ਵੀ ਤਕਸੀਮ ਕੀਤੇ।
ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ. ਨਿਰਮਲ ਸਿੰਘ ਨੇ ਮੁੱਖ ਮਹਿਮਾਨ, ਸੰਪਾਦਕੀ ਮੰਡਲ ਅਧਿਆਪਕਾਂ, ਵਿਦਿਆਰਥੀਆਂ ਤੇ ਪੱਤਰਕਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਰ ਵਰ੍ਹੇ ਨਿਰੰਤਰ ਰੂਪ ਵਿਚ ਮੈਗ਼ਜ਼ੀਨ ਪ੍ਰਕਾਸ਼ਿਤ ਕਰਨਾ ਬਹੁਤ ਕਠਿਨ ਕਾਰਜ ਹੈ, ਪਰੰਤੂ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਮੋਦੀ ਕਾਲਜ ਦੇ ਪ੍ਰਸ਼ਾਸਨ ਨੇ ਇਹ ਸਾਰਥਕ ਪਰੰਪਰਾ ਜਾਰੀ ਰੱਖੀ ਹੈ।
ਡਾ. ਖੁਸ਼ਵਿੰਦਰ ਕੁਮਾਰ
ਪ੍ਰਿੰਸੀਪਲ